ਕੀ ਪਰਮੇਸ਼ਰ ਦੀ ਹੋਂਦ ਹੈ
 
 

ਕੀ ਪਰਮੇਸ਼ਰ ਦੀ ਹੋਂਦ ਹੈ? ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ?



ਪ੍ਰਸ਼ਨ: ਕੀ ਪਰਮੇਸ਼ਰ ਦੀ ਹੋਂਦ ਹੈ? ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ?

ਉੱਤਰ:
ਕੀ ਪਰਮੇਸ਼ਰ ਦੀ ਹੋਂਦ ਹੈ? ਮੈਨੂੰ ਇਹ ਦਿਲਚਸਪ ਲੱਗਦਾ ਹੈ ਕਿ ਇਸ ਬਹਿਸ 'ਤੇ ਏਨਾ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਤਾਜ਼ਾ ਸਰਵੇਖਣ ਸਾਨੂੰ ਦੱਸਦੇ ਹਨ ਕਿ ਸੰਸਾਰ ਵਿੱਚ 90% ਤੋਂ ਵੀ ਵੱਧ ਲੋਕ ਪਰਮੇਸ਼ਰ ਜਾਂ ਕਿਸੇ ਉਚੇਰੀ ਸ਼ਕਤੀ ਦੀ ਹੋਂਦ ਵਿੱਚ ਵਿਸ਼ਵਾਸ਼ ਰੱਖਦੇ ਹਨ। ਫਿਰ ਵੀ, ਕਿਸੇ ਨਾ ਕਿਸੇ ਤਰਾਂ ਪਰਮੇਸ਼ਰ ਦੀ ਹੋਂਦ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਇਹ ਸਾਬਤ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਕਿ ਉਸਦੀ ਸੱਚਮੁੱਚ ਕੋਈ ਹੋਂਦ ਹੈ। ਮੇਰੇ ਖਿਆਲ ਹੈ, ਹੋਣਾ ਇਸਦੇ ਉਲਟ ਚਾਹੀਦਾ ਹੈ।

ਪਰ ਫਿਰ ਵੀ, ਪਰਮੇਸ਼ਰ ਦੀ ਹੋਂਦ ਨੂੰ ਸਾਬਤ ਕੀਤਾ ਜਾਂ ਨਕਾਰਿਆ ਨਹੀਂ ਜਾ ਸਕਦਾ। ਬਾਈਬਲ ਏਥੋਂ ਤੱਕ ਕਹਿੰਦੀ ਹੈ ਕਿ ਸਾਨੂੰ ਲਾਜ਼ਮੀ ਤੌਰ ‘ਤੇ ਵਿਸ਼ਵਾਸ਼ ਕਰਕੇ ਇਹ ਤੱਥ ਸਵੀਕਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਦੀ ਕੋਈ ਹੋਂਦ ਹੈ। “ਵਿਸ਼ਵਾਸ਼ ਕੀਤੇ ਬਗੈਰ ਕੋਈ ਵਿਅਕਤੀ ਪਰਮੇਸ਼ਰ ਨੂੰ ਪਸੰਦ ਨਹੀਂ ਕਰ ਸਕਦਾ, ਕਿਉਂਕਿ ਕੋਈ ਵੀ ਜੋ ਉਸ ਕੋਲ ਆਉਂਦਾ ਹੈ ਉਸਨੂੰ ਲਾਜ਼ਮੀ ਤੌਰ ਤੇ ਇਹ ਵਿਸ਼ਵਾਸ਼ ਕਰਨਾ ਚਾਹੀਦਾ ਹੈ ਕਿ ਉਹ ਹੋਂਦ ਰੱਖਦਾ ਹੈ ਅਤੇ ਇਹ ਕਿ ਉਹ ਉਹਨਾਂ ਲੋਕਾਂ ਨੂੰ ਫਲ਼ ਦਿੰਦਾ ਹੈ ਜੋ ਤਨੋਂ ਮਨੋਂ ਉਸਨੂੰ ਲੱਭਣਾ ਚਾਹੁੰਦੇ ਹਨ” (ਇਬਰਾਨੀਆਂ ਨੂੰ ਪੱਤਰੀ 11:6)। ਜੇ ਪਰਮੇਸ਼ਰ ਨੇ ਅਜਿਹੀ ਇੱਛਾ ਕੀਤੀ ਹੁੰਦੀ, ਤਾਂ ਉਹ ਆਰਾਮ ਨਾਲ ਪ੍ਰਗਟ ਹੋ ਜਾਂਦਾ ਅਤੇ ਸਾਰੇ ਸੰਸਾਰ ਕੋਲ ਸਾਬਤ ਕਰ ਦਿੰਦਾ ਕਿ ਉਸਦੀ ਹੋਂਦ ਹੈ। ਪਰ ਜੇ ਉਹ ਅਜਿਹਾ ਕਰਦਾ ਤਾਂ ਫਿਰ ਵਿਸ਼ਵਾਸ਼ ਕਰਨ ਦੀ ਲੋੜ ਹੀ ਨਾ ਰਹਿੰਦੀ। “ਫੇਰ ਯਿਸੂ ਨੇ ਉਸਨੂੰ ਕਿਹਾ, “ਕਿਉਂਕਿ ਤੁਸੀਂ ਮੈਨੂੰ ਦੇਖ ਲਿਆ ਹੈ, ਇਸ ਕਰਕੇ ਤੁਸੀਂ ਵਿਸ਼ਵਾਸ਼ ਕਰ ਲਿਆ ਹੈ; ਉਹ ਲੋਕ ਭਾਗਾਂ ਵਾਲੇ ਹਨ ਜਿੰਨ੍ਹਾਂ ਨੇ ਮੈਨੂੰ ਦੇਖਿਆ ਨਹੀਂ ਹੈ ਪਰ ਫਿਰ ਵੀ ਵਿਸ਼ਵਾਸ਼ ਕੀਤਾ ਹੈ” (ਯੁਹੰਨਾ ਦੀ ਇੰਜੀਲ 20:29)।

ਪਰ ਫਿਰ ਵੀ ਇਸਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੀ ਨਹੀਂ ਹੈ। ਬਾਈਬਲ ਇਹ ਕਹਿੰਦੀ ਹੈ, “ਸਵਰਗ ਪਰਮੇਸ਼ਰ ਦੀ ਮਹਿਮਾ ਦੀਆਂ ਗੱਲਾਂ ਕਰਦੇ ਹਨ; ਆਕਾਸ਼ ਉਸਦੀ ਹੱਥੀਂ ਹੋਈਆਂ ਸਿਰਜਣਾਵਾਂ ਬਾਰੇ ਦੱਸਦੇ ਹਨ। ਹਰ ਦਿਨ ਉਹ ਉਸ ਬਾਰੇ ਹੋਰ ਵਧੇਰੇ ਕਥਾ ਸੁਣਾਉਂਦੇ ਹਨ; ਹਰ ਰਾਤ ਉਹ ਗਿਆਨ ਦਾ ਪ੍ਰਗਟਾਵਾ ਕਰਦੇ ਹਨ। ਅਜਿਹੀ ਕੋਈ ਕਥਾ ਜਾਂ ਭਾਸ਼ਾ ਨਹੀਂ ਹੈ ਜਿੱਥੇ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਉਹਨਾਂ ਦੀ ਆਵਾਜ਼ ਸਾਰੀ ਧਰਤੀ ‘ਤੇ ਫੈਲ ਜਾਂਦੀ ਹੈ; ਉਹਨਾਂ ਦੇ ਸ਼ਬਦ ਸੰਸਾਰ ਦੇ ਅੰਤ ਤੱਕ ਜਾਂਦੇ ਹਨ” (ਜ਼ਬੂਰ 19: 1 -4)। ਤਾਰਿਆਂ ਵੱਲ ਦੇਖਣਾ, ਬ੍ਰਹਿਮੰਡ ਦੇ ਵਿਸ਼ਾਲ ਪਾਸਾਰ ਨੂੰ ਸਮਝਣਾ, ਕੁਦਰਤ ਦੇ ਅਜ਼ੂਬਿਆਂ ਦਾ ਪ੍ਰੀਖਣ ਕਰਨਾ, ਸੂਰਜ਼ ਛੁਪਣ ਦੀ ਸੁੰਦਰਤਾ ਨੂੰ ਦੇਖਣਾ – ਇਹ ਸਾਰੀਆਂ ਚੀਜ਼ਾਂ ਇੱਕ ਸਿਰਜਣਹਾਰ ਪਰਮੇਸ਼ਰ ਵੱਲ ਇਸ਼ਾਰਾ ਕਰਦੀਆਂ ਹਨ। ਜੇ ਇਹ ਚੀਜ਼ਾਂ ਕਾਫੀ ਨਹੀਂ ਹਨ ਤਾਂ ਸਾਡੇ ਆਪਣੇ ਦਿਲਾਂ ਵਿੱਚ ਵੀ ਪਰਮੇਸ਼ਰ ਦਾ ਸਬੂਤ ਹੈ। ਉਪਦੇਸ਼ਕ ਦਾ ਖੰਡ 3:11 ਦੱਸਦਾ ਹੈ, “..ਉਸਨੇ ਮਨੁੱਖਾਂ ਦੇ ਦਿਲਾਂ ਵਿੱਚ ਸਦੀਵੀਪਣ ਵੀ ਸਥਾਪਤ ਕਰ ਦਿੱਤਾ ਹੈ...”। ਸਾਡੀਆਂ ਹੋਂਦਾਂ ਦੀ ਗਹਿਰਾਈ ਵਿੱਚ ਕੁਝ ਅਜਿਹਾ ਹੈ ਜੋ ਇਹ ਸਮਝਦਾ ਹੈ ਕਿ ਇਸ ਜੀਵਨ ਤੋਂ ਪਰ੍ਹੇ ਅਤੇ ਇਸ ਸੰਸਾਰ ਦੇ ਪਾਰ ਵੀ ਕੁਝ ਹੈ । ਅਸੀਂ ਵਿਦਵਤਾ ਦੇ ਨਾਲ ਇਸ ਗਿਆਨ ਨੂੰ ਨਕਾਰ ਸਕਦੇ ਹਾਂ, ਪਰ ਸਾਡੇ ਵਿੱਚ ਅਤੇ ਸਾਡੇ ਰਾਹੀਂ ਪਰਮੇਸ਼ਰ ਦੀ ਹਾਜ਼ਰੀ ਅਜੇ ਵੀ ਹੈ। ਇਸ ਸਭ ਕਾਸੇ ਦੇ ਬਾਵਜੂਦ, ਬਾਈਬਲ ਸਾਨੂੰ ਇਹ ਚੇਤਾਵਨੀ ਦਿੰਦੀ ਹੈ ਕਿ ਕੁਝ ਕੁ ਲੋਕ ਪਰਮੇਸ਼ਰ ਦੀ ਹੋਂਦ ਤੌਂ ਇਨਕਾਰ ਕਰਨਗੇ, “ਮੂਰਖ ਆਪਣੇ ਦਿਲ ਵਿੱਚ ਕਹਿੰਦਾ ਹੈ ‘ਕੋਈ ਪਰਮੇਸ਼ਰ ਨਹੀਂ ਹੈ’ “ (ਜ਼ਬੂਰ 14:1)। ਕਿਉਂਕਿ ਸਾਰੇ ਇਤਿਹਾਸ ਵਿੱਚ, ਸਾਰੇ ਸੱਭਿਆਚਾਰਾਂ ਵਿੱਚ, ਸਾਰੀਆਂ ਸੱਭਿਆਤਾਵਾਂ ਵਿੱਚ, ਸਾਰੇ ਹੀ ਮਹਾਂਦੀਪਾਂ ‘ਤੇ 98% ਤੋਂ ਵੀ ਵੱਧ ਲੋਕ ਕਿਸੇ ਕਿਸਮ ਦੇ ਪਰਮੇਸ਼ਰ ਵਿੱਚ ਵਿਸ਼ਵਾਸ਼ ਕਰਦੇ ਹਨ – ਤਾਂ ਫਿਰ ਲਾਜ਼ਮੀ ਤੌਰ ਤੇ ਕੋਈ ਚੀਜ਼ (ਜਾਂ ਕੋਈ ਵਿਅਕਤੀ) ਹੋਣਾ ਚਾਹੀਦਾ ਹੈ ਜੋ ਇਸ ਵਿਸ਼ਵਾਸ਼ ਦਾ ਕਾਰਨ ਬਣਦਾ ਹੈ।

ਪਰਮੇਸ਼ਰ ਦੀ ਹੋਂਦ ਵਾਸਤੇ ਬਾਈਬਲ ਦੀਆਂ ਦਲੀਲਾਂ ਤੋਂ ਇਲਾਵਾ, ਕੁਝ ਤਰਕਪੂਰਨ ਦਲੀਲਾਂ ਵੀ ਹਨ। ਪਹਿਲੀ ਦਲੀਲ ਹੈ ਹੋਂਦ ਵਿਗਿਆਨ ਦੀ ਦਲੀਲ। ਹੋਂਦ ਵਿਗਿਆਨ ਦੀ ਦਲੀਲ ਦੀ ਸਭ ਤੋਂ ਮਸ਼ਹੂਰ ਕਿਸਮ ਪਰਮੇਸ਼ਰ ਦੀ ਹੋਂਦ ਨੂੰ ਸਾਬਤ ਕਰਨ ਲਈ ਮੁੱਖ ਤੌਰ ਤੇ ਪਰਮੇਸ਼ਰ ਦੀ ਧਾਰਨਾ ਦੀ ਵਰਤੋਂ ਕਰਦੀ ਹੈ। ਇਹ ਪਰਮੇਸ਼ਰ ਦੀ ਪਰਿਭਾਸ਼ਾ “ਪਰਮੇਸ਼ਰ ਉਹ ਹੈ ਜਿਸਤੋਂ ਵਧੇਰੇ ਮਹਾਨ ਚੀਜ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।“ ਤੋਂ ਸ਼ੁਰੂ ਹੁੰਦੀ ਹੈ। ਫੇਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਹੋਂਦ ਨਾ ਰੱਖਣ ਨਾਲੋਂ ਹੋਂਦ ਰੱਖਣਾ ਵਧੇਰੇ ਮਹਾਨ ਗੱਲ ਹੈ, ਇਸ ਕਰਕੇ ਸਭ ਤੋਂ ਵੱਧ ਮਹਾਨ ਕਲਪਿਤ ਚੀਜ਼ ਲਾਜ਼ਮੀ ਤੌਰ ‘ਤੇ ਹੋਂਦ ਰੱਖਣ ਵਾਲੀ ਹੋਣੀ ਚਾਹੀਦੀ ਹੈ। ਜੇ ਪਰਮੇਸ਼ਰ ਹੋਂਦ ਨਹੀਂ ਰੱਖਦਾ ਤਾਂ ਪਰਮੇਸ਼ਰ ਸੋਚੀ ਜਾ ਸਕਣ ਵਾਲੀ ਸਭ ਤੋਂ ਮਹਾਨ ਹਸਤੀ ਨਹੀਂ ਹੋ ਸਕਦਾ – ਪਰ ਇਹ ਪਰਮੇਸ਼ਰ ਦੀ ਪਰਿਭਾਸ਼ਾ ਦਾ ਹੀ ਖੰਡਨ ਕਰ ਦੇਵੇਗਾ। ਇੱਕ ਹੋਰ ਦਲੀਲ ਹੈ ਮਕਸਦ ਵਿਗਿਆਨ ਦੀ ਦਲੀਲ। ਮਕਸਦ ਵਿਗਿਆਨ ਦੀ ਦਲੀਲ ਇਹ ਹੈ ਕਿ ਕਿਉਂਕਿ ਬ੍ਰਹਿਮੰਡ ਬਹੁਤ ਹੀ ਵਚਿੱਤਰ ਡਿਜ਼ਾਈਨ ਦਾ ਪ੍ਰਦਰਸ਼ਨ ਕਰਦਾ ਹੈ, ਤਾਂ ਲਾਜ਼ਮੀ ਤੌਰ ਤੇ ਕੋਈ ਦੈਵੀ ਡਿਜ਼ਾਈਨਰ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਜੇ ਧਰਤੀ ਸੂਰਜ ਤੋਂ ਕੇਵਲ ਕੁਝ ਕੁ ਸੌ ਮੀਲ ਵੀ ਦੂਰ ਜਾਂ ਨੇੜੇ ਹੁੰਦੀ ਤਾਂ ਇਹ ਓਨੇ ਜ਼ਿਆਦਾ ਜੀਵਨ ਦਾ ਸਮਰਥਨ ਕਰਨ ਦੇ ਯੋਗ ਨਾ ਹੁੰਦੀ ਜਿੰਨਾਂ ਇਹ ਹੁਣ ਕਰਦੀ ਹੈ। ਜੇ ਸਾਡੇ ਵਾਯੂਮੰਡਲ ਵਿੱਚਲੇ ਤੱਤ ਕੇਵਲ ਕੁਝ ਕੁ ਪ੍ਰਤੀਸ਼ਤ ਪੁਆਇੰਟ ਵੀ ਭਿੰਨ ਹੁੰਦੇ ਤਾਂ ਧਰਤੀ ਉੱਤੇ ਹਰ ਜਿਉਂਦੀ ਸ਼ੈਅ ਮਰ ਗਈ ਹੁੰਦੀ। ਸਬੱਬ ਨਾਲ ਕਿਸੇ ਇੱਕ ਪ੍ਰੋਟੀਨ ਅਣੂ ਦੇ ਬਣਨ ਦੀ ਸੰਭਾਵਨਾ 10243 ਵਿੱਚ 1 ਹੁੰਦੀ ਹੈ (ਜੋ ਕਿ 10 ਦੇ ਬਾਅਦ 243 ‘0’ ਲੱਗਕੇ ਬਣਨ ਵਾਲੀ ਸੰਖਿਆ ਹੈ)। ਇੱਕ ਇਕਹਰਾ ਸੈੱਲ ਲੱਖਾਂ ਹੀ ਪ੍ਰੋਟੀਨ ਅਣੂਆਂ ਤੋਂ ਮਿਲਕੇ ਬਣਦਾ ਹੈ।

ਪਰਮੇਸ਼ਰ ਦੀ ਹੋਂਦ ਵਾਸਤੇ ਇੱਕ ਤੀਜੀ ਤਰਕਪੂਰਨ ਦਲੀਲ ਨੂੰ ਬ੍ਰਹਿਮੰਡੀ ਦਲੀਲ ਆਖਿਆ ਜਾਂਦਾ ਹੈ। ਹਰ ਇੱਕ ਪ੍ਰਭਾਵ ਦਾ ਕੋਈ ਕਾਰਨ ਹੋਣਾ ਚਾਹੀਦਾ ਹੈ। ਇਹ ਬ੍ਰਹਿਮੰਡ ਅਤੇ ਇਸ ਵਿੱਚਲੀ ਹਰੇਕ ਚੀਜ਼ ਇੱਕ ਪ੍ਰਭਾਵ ਹੈ। ਕੁਝ ਨਾ ਕੁਝ ਅਜਿਹਾ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਹਰ ਕਿਸੇ ਚੀਜ਼ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣਿਆ। ਆਖਿਰਕਾਰ, ਕੁਝ ਨਾ ਕੁਝ ਤਾਂ ‘ਬਿਨਾਂ ਕਾਰਨ ਵਾਪਰਿਆ’ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਬਾਕੀ ਸਭ ਚੀਜਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣ ਸਕੇ। ਇਹ ‘ਬਿਨਾਂ ਕਾਰਨ ਵਾਪਰਿਆ' ਵਰਤਾਰਾ ਪਰਮੇਸ਼ਰ ਹੈ। ਇੱਕ ਚੌਥੀ ਦਲੀਲ ਨੂੰ ਨੈਤਿਕ ਦਲੀਲ ਵਜੋਂ ਜਾਣਿਆਂ ਜਾਂਦਾ ਹੈ। ਸਾਰੇ ਇਤਿਹਾਸ ਵਿੱਚ ਹਰੇਕ ਸੱਭਿਆਚਾਰ ਵਿੱਚ ਕਾਨੂੰਨ ਦੀ ਕੋਈ ਨਾ ਕੋਈ ਕਿਸਮ ਰਹੀ ਹੈ। ਹਰ ਕਿਸੇ ਨੂੰ ਸਹੀ ਅਤੇ ਗਲਤ ਦੀ ਸੋਝੀ ਰਹੀ ਹੈ। ਕਤਲ, ਝੂਠ ਬੋਲਣਾ, ਚੋਰੀ ਕਰਨਾ ਅਤੇ ਅਨੈਤਿਕਤਾ ਲੱਗਭਗ ਵਿਸ਼ਵ ਵਿਆਪੀ ਤੌਰ ਤੇ ਨਕਾਰੇ ਜਾਂਦੇ ਹਨ। ਜੇ ਕਿਸੇ ਪਵਿੱਤਰ ਪ੍ਰਮਾਤਮਾ ਤੋਂ ਨਹੀਂ ਤਾਂ ਇਹ ਗਲਤ ਜਾਂ ਸਹੀ ਦੀ ਭਾਵਨਾ ਕਿੱਥੋਂ ਆਈ?

ਇਸ ਸਭ ਕਾਸੇ ਦੇ ਬਾਵਜੂਦ, ਬਾਈਬਲ ਸਾਨੂੰ ਦੱਸਦੀ ਹੈ ਕਿ ਲੋਕ ਪਰਮੇਸ਼ਰ ਦੇ ਸਪੱਸ਼ਟ ਅਤੇ ਨਕਾਰੇ ਨਾ ਜਾ ਸਕਣ ਵਾਲੇ ਗਿਆਨ ਨੂੰ ਰੱਦ ਕਰਨਗੇ ਅਤੇ ਇਸਦੇ ਬਦਲੇ ਕਿਸੇ ਝੂਠ ਤੇ ਵਿਸ਼ਵਾਸ਼ ਕਰਨਗੇ। ਰੋਮੀਆਂ ਨੂੰ ਪੱਤਰੀ ਦੇ ਖੰਡ 1:25 ਵਿੱਚ ਲਿਖਿਆ ਹੈ, “ਉਹਨਾਂ ਨੇ ਪਰਮੇਸ਼ਰ ਬਾਰੇ ਸੱਚ ਦਾ ਝੂਠ ਨਾਲ ਵਟਾਂਦਰਾ ਕਰ ਲਿਆ ਅਤੇ ਉਹਨਾਂ ਨੇ ਸਿਰਜਣਹਾਰ – ਜਿਸਦੀ ਕਿ ਹਮੇਸ਼ਾ ਉਸਤਿਤ ਕੀਤੀ ਜਾਂਦੀ ਹੈ, ਦੀ ਬਜਾਏ ਸਿਰਜੀਆਂ ਹੋਈਆਂ ਵਸਤੂਆਂ ਦੀ ਪੂਜਾ ਅਤੇ ਸੇਵਾ ਕੀਤੀ। ਆਮੀਨ। “ ਬਾਈਬਲ ਇਹ ਵੀ ਦੱਸਦੀ ਹੈ ਕਿ ਪਰਮੇਸ਼ਰ ਵਿੱਚ ਵਿਸ਼ਵਾਸ਼ ਨਾ ਕਰਨ ਵਾਸਤੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ, “ਕਿਉਂਕਿ ਸੰਸਾਰ ਦੀ ਸਿਰਜਣਾ ਤੋਂ ਲੈਕੇ ਪਰਮੇਸ਼ਰ ਦੀਆਂ ਕੁਝ ਅਦਿੱਖ ਵਿਸ਼ੇਸ਼ਤਾਵਾਂ – ਉਸਦੀ ਸਦੈਵ ਸ਼ਕਤੀ ਅਤੇ ਦੈਵੀ ਪ੍ਰਵਿਰਤੀ – ਨੂੰ ਸਪੱਸ਼ਟ ਰੂਪ ਵਿੱਚ ਸਿਰਜੀਆਂ ਵਸਤੂਆਂ ਨੂੰ ਸਮਝਕੇ ਦੇਖਿਆ ਜਾ ਚੁੱਕਾ ਹੈ, ਇਸ ਕਰਕੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ” (ਰੋਮੀਆਂ ਨੂੰ ਪੱਤਰੀ 1:20)।

ਲੋਕ ਪਰਮੇਸ਼ਰ ਵਿੱਚ ਵਿਸ਼ਵਾਸ਼ ਨਾ ਕਰਨ ਦਾ ਦਾਅਵਾ ਇਸ ਲਈ ਕਰਦੇ ਹਨ ਕਿਉਂਕਿ ਇਹ ‘ਗੈਰ-ਵਿਗਿਆਨਕ” ਹੈ ਜਾਂ ਕਿਉਂਕਿ “ਇਸਦਾ ਕੋਈ ਸਬੂਤ ਨਹੀਂ ਹੈ।“ ਅਸਲ ਕਾਰਨ ਇਹ ਹੈ ਕਿ ਇੱਕ ਵਾਰ ਜੇ ਲੋਕ ਇਹ ਮੰਨ ਲੈਂਦੇ ਹਨ ਕਿ ਪਰਮੇਸ਼ਰ ਹੈ, ਤਾਂ ਉਹਨਾਂ ਨੂੰ ਇਹ ਵੀ ਲਾਜ਼ਮੀ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਉਹ ਪਰਮੇਸ਼ਰ ਪ੍ਰਤੀ ਜਿੰਮੇਵਾਰ ਹਨ ਅਤੇ ਉਹਨਾਂ ਨੂੰ ਪਰਮੇਸ਼ਰ ਤੋਂ ਮੁਆਫੀ ਮੰਗਣ ਦੀ ਲੋੜ ਹੈ (ਰੋਮੀਆਂ ਨੂੰ ਪੱਤਰੀ 3:23; 6:23)। ਜੇ ਪਰਮੇਸ਼ਰ ਹੈ ਤਾਂ ਅਸੀਂ ਸਾਡੇ ਕਾਰਨਾਮਿਆਂ ਵਾਸਤੇ ਉਸ ਕੋਲ ਜਵਾਬਦੇਹ ਹਾਂ। ਜੇ ਪਰਮੇਸ਼ਰ ਹੋਂਦ ਨਹੀਂ ਰੱਖਦਾ, ਤਾਂ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਪਰਮੇਸ਼ਰ ਸਾਡਾ ਲੇਖਾ ਜੋਖਾ ਕਰੇਗਾ, ਅਸੀਂ ਜੋ ਕੁ਼ਝ ਵੀ ਚਾਹੀਏ ਕਰ ਸਕਦੇ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਇਸੇ ਕਰਕੇ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਜੀਵ ਵਿਕਾਸ ਦੇ ਸਿਧਾਂਤ ਨਾਲ ਚਿੰਬੜੇ ਹੋਏ ਹਨ – ਤਾਂ ਜੋ ਲੋਕਾਂ ਨੂੰ ਇੱਕ ਸਿਰਜਣਹਾਰ ਪਰਮੇਸ਼ਰ ਵਿੱਚ ਵਿਸ਼ਵਾਸ਼ ਕਰਨ ਦੀ ਥਾਂ ਤੇ ਕੋਈ ਵਿਕਲਪ ਦਿੱਤਾ ਜਾ ਸਕੇ। ਪਰਮੇਸ਼ਰ ਹੋਂਦ ਰੱਖਦਾ ਹੈ ਅਤੇ ਆਖਿਰਕਾਰ ਹਰ ਕੋਈ ਜਾਣਦਾ ਹੈ ਕਿ ਉਹ ਹੈ। ਇਹ ਤੱਥ ਕਿ ਕੁਝ ਲੋਕ ਏਨੀ ਕੱਟੜਤਾ ਨਾਲ ਉਸਦੀ ਹੋਂਦ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਸਲ ਵਿੱਚ ਉਸਦੀ ਹੋਂਦ ਵਾਸਤੇ ਹੀ ਇੱਕ ਦਲੀਲ ਹੈ।

ਪਰਮੇਸ਼ਰ ਦੀ ਹੋਂਦ ਬਾਰੇ ਮੈਨੂੰ ਇੱਕ ਆਖਰੀ ਦਲੀਲ ਦੇਣ ਦੀ ਆਗਿਆ ਦਿਓ। ਮੈਂ ਕਿਵੇਂ ਜਾਣਦਾ ਹਾਂ ਕਿ ਪਰਮੇਸ਼ਰ ਹੋਂਦ ਰੱਖਦਾ ਹੈ? ਮੈਂ ਇਸ ਕਰਕੇ ਪਰਮੇਸ਼ਰ ਦੀ ਹੋਂਦ ਬਾਰੇ ਜਾਣਦਾ ਹਾਂ ਕਿਉਂਕਿ ਮੈਂ ਹਰ ਰੋਜ਼ ਉਸ ਨਾਲ ਗੱਲਾਂ ਕਰਦਾ ਹਾਂ। ਮੈਨੂੰ ਉਸਦੀ ਮੇਰੇ ਨਾਲ ਗੱਲਾਂ ਕਰਨ ਦੀ ਆਵਾਜ਼ ਭਾਵੇਂ ਨਹੀਂ ਸੁਣਾਈ ਦਿੰਦੀ, ਪਰ ਮੈਂਨੂੰ ਉਸਦੀ ਮੌਜ਼ੂਦਗੀ ਦਾ ਅਹਿਸਾਸ ਹੁੰਦਾ ਹੈ, ਮੈਂ ਉਸਦੀ ਆਗਵਾਨੀ ਨੂੰ ਮਹਿਸੂਸ ਕਰਦਾ ਹਾਂ , ਮੈਨੂੰ ਉਸਦੇ ਪਿਆਰ ਬਾਰੇ ਪਤਾ ਹੈ, ਮੈਂ ਉਸਦੀ ਮਹਿਮਾ ਦੀ ਇੱਛਾ ਕਰਦਾ ਹਾਂ। ਮੇਰੀ ਜ਼ਿੰਦਗੀ ਵਿੱਚ ਅਜਿਹੀਆਂ ਚੀਜ਼ਾਂ ਵਾਪਰੀਆਂ ਹਨ ਜਿੰਨ੍ਹਾਂ ਵਾਸਤੇ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸਪੱਸ਼ਟੀਕਰਨ ਹੀ ਨਹੀਂ ਹੈ। ਪਰਮੇਸ਼ਰ ਨੇ ਏਨੇ ਚਮਤਕਾਰੀ ਢੰਗ ਨਾਲ ਮੈਨੂੰ ਬਚਾਇਆ ਹੈ ਅਤੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਕਿ ਮੇਰੇ ਕੋਲ ਉਸਦੀ ਮੌਜ਼ੂਦਗੀ ਨੂੰ ਮੰਨਣ ਅਤੇ ਇਸਦੀ ਪ੍ਰਸ਼ੰਸ਼ਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਹੈ। ਜੋ ਕੋਈ ਵੀ ਏਨੇ ਸਾਫ ਤਰੀਕੇ ਨਾਲ ਸਪੱਸ਼ਟ ਚੀਜ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਇਹਨਾਂ ਵਿੱਚੋਂ ਕੋਈ ਵੀ ਦਲੀਲ ਆਪਣੇ ਤੌਰ ‘ਤੇ ਉਸਨੂੰ ਮਨਾ ਨਹੀਂ ਸਕਦੀ। ਅੰਤ ਵਿੱਚ, ਪਰਮੇਸ਼ਰ ਦੀ ਹੋਂਦ ਲਾਜ਼ਮੀ ਤੌਰ ਤੇ ਵਿਸ਼ਵਾਸ਼ ਦੁਆਰਾ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ (ਇਬਰਾਨੀਆਂ ਨੂੰ ਪੱਤਰੀ 11:6)। ਪਰਮੇਸ਼ਰ ਵਿੱਚ ਵਿਸ਼ਵਾਸ਼ ਕਰਨਾ ਹਨੇਰੇ ਵਿੱਚ ਮਾਰੀ ਛਾਲ ਨਹੀਂ ਹੈ; ਇਹ ਇੱਕ ਚੰਗੀ ਤਰਾਂ ਰੌਸ਼ਨ ਕਮਰੇ ਵਿੱਚ ਰੱਖਿਆ ਸੁਰੱਖਿਅਤ ਕਦਮ ਹੈ ਜਿੱਥੇ 90% ਲੋਕ ਪਹਿਲਾਂ ਹੀ ਖੜ੍ਹੇ ਹੋਏ ਹਨ।



ਪੰਜਾਬੀ ਹੋਮ ਪੇਜ਼ ਤੇ ਵਾਪਸ ਜਾਓ



ਕੀ ਪਰਮੇਸ਼ਰ ਦੀ ਹੋਂਦ ਹੈ? ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ?